ਖ਼ਾਲਿਸਤਾਨੀ ਸਮਰਥਕ ਦੱਸ ਦਿੱਲੀ ਪੁਲਿਸ ਵੱਲੋਂ ਤਿੰਨ ਨੌਜਵਾਨ ਸਿੱਖ ਗ੍ਰਿਫ਼ਤਾਰ, ਪਰਿਵਾਰ ਵੱਲੋਂ ਮਾਮਲਾ ਝੂਠਾ ਕਰਾਰ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਦੱਸਦਿਆਂ ਤਿੰਨ ਨੌਜਵਾਨ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਦਸਿਆ ਕਿ ਪੁਲਿਸ ਨੇ ਖ਼ਾਲਿਸਤਾਨ ਅੰਦੋਲਨ ਨੂੰ ਸਮਰਥਨ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸਨ।

ਇਨ੍ਹਾਂ ਤਿੰਨ ਸਿੱਖਾਂ ਦੀ ਪਛਾਣ ਦਿੱਲੀ ਦੇ ਮੋਹਿੰਦਰ ਪਾਲ ਸਿੰਘ (29), ਪੰਜਾਬ ਦੇ ਗੁਰਤੇਜ ਸਿੰਘ (41) ਅਤੇ ਹਰਿਆਣਾ ਦੇ ਲਵਪ੍ਰੀਤ (21) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਪਿਸਤੌਲਾਂ ਅਤੇ 7 ਕਾਰਤੂਸ ਜ਼ਬਤ ਕਰਨ ਦਾ ਦਾਅਵਾ ਵੀ ਕੀਤਾ ਹੈ। ਪੁਲਿਸ ਨੇ 15 ਜੂਨ ਦੀ ਰਾਤ ਨੂੰ ਗੰਦਾ ਨਾਲਾ ਨੇੜੇ ਹਸਤਸਾਲ ਤੋਂ ਮੋਹਿੰਦਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੋਹਿੰਦਰ ਤੋਂ ਪੁੱਛ-ਗਿੱਛ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਪੰਜਾਬ ਦੇ ਸਮਾਨਾ ਗਈ, ਜਿਥੋਂ ਲਵਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਦੇ ਗੁਰੂ ਤੇਗ ਬਹਾਦਰ ਨਗਰ ਤੋਂ ਗੁਰਤੇਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲਿਸ ਨੇ ਕਿਹਾ ਕਿ ਇੰਨ੍ਹਾਂ ਤਿੰਨਾਂ ਦੇ ਫੋਨ ਤੋਂ ਖਾਲਿਸਤਾਨੀ ਸੰਘਰਸ਼ ਨਾਲ ਸਬੰਧਤ ਤਸਵੀਰਾਂ ਅਤੇ ਗਾਣੇ ਮਿਲੇ ਹਨ।

ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਤੇਜ ਸਿੰਘ ਦੇ ਪਰਿਵਾਰ ਨੇ ਸਾਰਾ ਮਾਮਲਾ ਝੂਠਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਕਿਸੇ ਨੂੰ ਵੀ ਦਿੱਲੀ ਪੁਲੀਸ ਦੀ ਕਹਾਣੀ ‘ਤੇ ਯਕੀਨ ਨਹੀਂ ਆ ਰਿਹਾ। ਉਧਰ ਮਾਨਸਾ ਦੀ ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਪੁਲੀਸ ਵੱਲੋਂ ਗੁਰਤੇਜ ਨੂੰ ਚੁੱਕਣ ਬਾਰੇ ਬਿਲਕੁਲ ਪਤਾ ਨਹੀਂ, ਜਦ ਕਿ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਉਸ ਨੇ 24 ਜੂਨ ਨੂੰ ਮਾਨਸਾ ਦੇ ਲਿੰਕ ਰੋਡ ਵਾਸੀ ਗੁਰਤੇਜ ਸਿੰਘ (55) ਨੂੰ ਖਾੜਕੂ ਗਤੀਵਿਧੀਆਂ ਦੇ ਦੋਸ਼ ਮਾਨਸਾ ਪੁਲੀਸ ਨੂੰ ਨਾਲ ਲੈ ਕੇ ਚੁੱਕਿਆ ਹੈ। ਮਾਨਸਾ ਰਹਿੰਦੀ ਗੁਰਤੇਜ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬੇਕਸੂਰ ਹੈ ਤੇ ਉਹ ਅਜਿਹੀਆਂ ਗਤੀਵਿਧੀਆਂ ‘ਚ ਹਿੱਸਾ ਨਹੀਂ ਲੈਂਦਾ। ਉਸ ਦਾ ਪਤੀ ਪਲੰਬਰ ਹੈ ਤੇ ਉਸ ਦਾ ਰਸੌਲੀ ਦਾ ਅਪ੍ਰੇਸ਼ਨ ਹੋਣ ਤੋਂ ਬਾਅਦ 24 ਜੂਨ ਨੂੰ ਉਹ ਸ਼ਹਿਰ ਦੇ ਹਸਪਤਾਲ ਵਿਖੇ ਉਸ ਨੂੰ ਦਵਾਈ ਦਿਵਾਉਣ ਗਿਆ ਸੀ, ਜਿਥੇ ਦਿੱਲੀ ਪੁਲੀਸ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ।
ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਖਾਲਸਾ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਰਮਨਦੀਪ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਬਲਵੀਰ ਸਿੰਘ ਰਾਏਸਰ ਨੇ ਕਿਹਾ ਹੈ ਕਿ ਉਹ ਦਿੱਲੀ ਵਿਖੇ ਗੁਰਤੇਜ ਸਿੰਘ ਤੇ ਹੋਰਨਾਂ ਬੇਕਸੂਰ ਸਿੱਖਾਂ ਦਾ ਕੇਸ ਲੜਨਗੇ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਪੁਲੀਸ ਵਿਭਾਗ ਦੇ ਧਿਆਨ ਵਿੱਚ ਨਹੀਂ।

  • 483
  •  
  •  
  •  
  •