ਗਿਆਰਾਂ ਸਾਲਾ ਕੁੜੀ ਨੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ

ਹਰ ਰੋਜ਼ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਅਬੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਜਿਲਾ ਸੰਗਰੂਰ ਦੇ ਪਿੰਡ ਰਾਮਪੁਰਾ ਵਿਖੇ ਇੱਕ 11 ਸਾਲਾ ਛੋਟੀ ਬੱਚੀ ਵੱਲੋਂ ਪਿੰਡ ਦੇ ਇਕ ਗੁਰੂਘਰ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਸਰੂਪ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 27 ਜੂਨ ਦੀ ਸਵੇਰ ਨੂੰ ਉਹ ਗੁਰੂ ਘਰ ਵਿਖੇ ਸਵੇਰ ਅੰਮ੍ਰਿਤ ਵੇਲੇ ਨਿਤ-ਨੇਮ ਦੀ ਸਮਾਪਤੀ ਤੋਂ ਬਾਅਦ ਕਰੀਬ ਪੌਣੇ ਛੇ ਵਜੇ ਪਿੰਡ ਦੇ ਹੀ ਵਸਨੀਕ ਇਕ 10 ਸਾਲਾ ਲੜਕੀ ਵੱਲੋਂ ਗੁਰੂਘਰ ਦੇ ਪਾਲਕੀ ਘਰ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ 7 ਪੰਨਿਆਂ ਦੀ ਬੇਅਦਬੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗ੍ਰੰਥੀ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਕਰੀਬ 1 ਮਹੀਨੇ ਤੋਂ ਹੀ ਗੁਰੂ ਘਰ ਵਿਖੇ ਆਉਣ ਲੱਗੀ ਸੀ। ਉਨਾਂ ਦੱਸਿਆ ਗੁਰੂ ਘਰ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਇਹ ਬੱਚੀ ਇਸ ਘਟਨਾਂ ਨੂੰ ਅੰਜਾਮ ਦਿੰਦੀ ਸਾਹਮਣੇ ਆਈ। ਜਿਸ ਸੰਬੰਧੀ ਉਨਾਂ ਪੁਲਸ ਅਤੇ ਗੁਰੂਘਰ ਦੇ ਪ੍ਰਬੰਧਕਾਂ ਨੂੰ ਇਸ ਘਟਨਾਂ ਸੰਬੰਧੀ ਸੂਚਿਤ ਕੀਤਾ।

ਇਸ ਘਟਨਾ ਦਾ ਪਤਾ ਚਲਦਿਆਂ ਹੀ ਅੱਜ ਜਾਂਚ ਲਈ ਐੱਸ. ਪੀ. ਡੀ. ਹਰਿੰਦਰ ਸਿੰਘ, ਐੱਸ.ਪੀ.ਐੱਚ ਸਰਨਜੀਤ ਸਿੰਘ, ਡੀ.ਐੱਸ.ਪੀ ਭਵਾਨੀਗੜ ਗੋਬਿੰਦਰ ਸਿੰਘ, ਸਥਾਨਕ ਥਾਣਾ ਮੁਖੀ ਰਮਨਦੀਪ ਸਿੰਘ ਅਤੇ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਐੱਸ.ਜੀ.ਪੀ.ਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਲਿਜਾਇਆ ਗਿਆ।

ਇਸ ਮੌਕੇ ਰੋਸ ਜ਼ਾਹਿਰ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ, ਨਿਰਮਲ ਸਿੰਘ ਭੜੋਂ ਸਾਬਕਾ ਮੈਂਬਰ ਐੱਸ.ਜੀ.ਪੀ.ਸੀ, ਗੁਰਨੈਬ ਸਿੰਘ ਰਾਮਪੁਰਾ, ਗਰਦੀਪ ਸਿੰਘ ਕਾਲਾਝਾੜ ਅਤੇ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜਾ ਦਿੱਤੀ ਹੁੰਦੀ ਤਾਂ ਪੰਜਾਬ ਵਿਚ ਮੁੜ ਮੁੜ ਕਿਸੇ ਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਹੁੰਦੀ। ਉਨਾਂ ਸ਼ੱਕ ਜ਼ਾਹਿਰ ਕੀਤਾ ਕਿ ਇਕ ਛੋਟੀ ਬੱਚੀ ਰਾਹੀਂ ਕਿਸੇ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦੇ ਕੇ ਮੁੜ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਉਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ।

  • 757
  •  
  •  
  •  
  •