ਪਾਕਿਸਤਾਨ ਨੇ ਮੁੜ ਖੋਲ੍ਹਿਆ ਕਰਤਾਰਪੁਰ ਲਾਂਘਾ, ਭਾਰਤ ਵੱਲੋਂ ਹਲੇ ਵੀ ਬੰਦ

ਪਾਕਿਸਤਾਨ ਨੇ ਤਿੰਨ ਮਹੀਨਿਆਂ ਪਿੱਛੋਂ ਸੋਮਵਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ। ਇਸ ਤੋਂ ਪਹਿਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਾਰੇ ਸਿੱਖ ਸ਼ਰਧਾਲੂਆਂ ਲਈ 29 ਜੂਨ ਤੋਂ ਕਰਤਾਰਪੁਰ ਲਾਂਘਾ ਖੋਲ੍ਹ ਰਿਹਾ ਹੈ। ਇਹ ਲਾਂਘਾ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਆਰਜ਼ੀ ਤੌਰ ‘ਤੇ ਬੰਦ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ 16 ਮਾਰਚ ਨੂੰ ਕਰਤਾਰਪੁਰ ਲਾਂਘਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋੰ ਇਜਾਜ਼ਤ ਨਾ ਦੇਣ ਕਰਕੇ ਕਿਸੇ ਵੀ ਭਾਰਤੀ ਸ਼ਰਧਾਲੂ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ।

ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਫਿਲਹਾਲ ਇਹ ਯਾਤਰਾ ਮੁਲਤਵੀ ਕੀਤੀ ਹੋਈ ਹੈ। ਔਕਾਫ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਡਿਪਟੀ ਡਾਇਰੈਕਟਰ ਇਮਰਾਨ ਖਾਨ ਨੇ ਦੱਸਿਆ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਹੈ, ਹਾਲਾਂਕਿ ਭਾਰਤ ਵੱਲੋਂ ਕਿਸੇ ਵੀ ਸ਼ਰਧਾਲੂ ਨੇ ਇੱਥੋਂ ਦੀ ਯਾਤਰਾ ਨਹੀਂ ਕੀਤੀ। ਈਟੀਪੀਬੀ ਮੁਲਕ ’ਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਧਾਰਮਿਕ ਥਾਵਾਂ ਦੀ ਸੰਭਾਲ ਕਰਦਾ ਹੈ। ਈ.ਟੀ.ਪੀ.ਬੀ. ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ’ਚ ਵਿਸ਼ੇਸ਼ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਦੇ ਹਨ ਪਰ ਉਨ੍ਹਾਂ ਨੂੰ ਸਮਾਜਿਕ ਦੂਰੀ ਕਾਇਮ ਰੱਖਣ ਦੇ ਨਿਯਮ ਦੀ ਪਾਲਣਾ ਯਕੀਨੀ ਬਣਾਉਣੀ ਪਵੇਗੀ।
ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਰਾਵੀ ਦਰਿਆ ਦੇ ਕਿਨਾਰੇ ‘ਤੇ ਸਥਿਤ ਹੈ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਤੀਤ ਕੀਤੇ ਸਨ।

  • 429
  •  
  •  
  •  
  •