ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 39 ਮੌਤਾਂ, 8 ਮੁਲਜ਼ਮ ਗ੍ਰਿਫਤਾਰ

ਪੰਜਾਬ ਦੇ ਤਰਨ ਤਾਰਨ, ਬਟਾਲਾ ਤੇ ਜੰਡਿਆਲਾ ਗੁਰੂ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 39 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਿਛਲੇ ਦਿਨੀਂ ਜੰਡਿਆਲਾ ਗੁਰੂ ਦੇ ਪਿੰਡ ਮੁੱਛਲ ’ਚ ਅਜਿਹੀ ਸ਼ਰਾਬ ਪੀਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲੀਸ ਟੀਮਾਂ ਵਲੋਂ 40 ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਇਕ ਮਹਿਲਾ ਸਣੇ ਹੁਣ ਤੱਕ 8 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਰਨ ਤਾਰਨ ਸ਼ਹਿਰ ਅਤੇ ਇਸ ਦੇ ਨੇੜਲੇ ਪਿੰਡਾਂ ’ਚ ਅੱਜ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਨੌਜਵਾਨਾਂ ਤੋਂ ਇਲਾਵਾ ਵਡੇਰੀ ਉਮਰ ਦੇ ਵਿਅਕਤੀ ਵੀ ਸ਼ਾਮਲ ਹਨ| ਜ਼ਿਲ੍ਹੇ ਅੰਦਰ ਕਰੀਬ ਦੋ ਹਫ਼ਤੇ ਪਹਿਲਾਂ ਪਿੰਡ ਰਟੌਲ ’ਚ ਵੀ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਜਣਿਆਂ ਦੀ ਅੱਖਾਂ ਦੀ ਰੌਸ਼ਨੀ ’ਤੇ ਅਸਰ ਪਿਆ ਸੀ|

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸੱਚਖੰਡ ਰੋਡ ਦੇ ਸ਼ਮਸ਼ਾਨਘਾਟ ’ਚ ਰਣਜੀਤ ਸਿੰਘ (45), ਹਰਜੀਤ ਸਿੰਘ (67), ਭਾਗ ਮੱਲ (44), ਅਮਰੀਕ ਸਿੰਘ (35), ਲਖਵਿੰਦਰ ਸਿੰਘ (45) ਅਤੇ ਇਕ ਹੋਰ ਵਿਅਕਤੀ ਸਮੇਤ ਛੇ ਜਣਿਆਂ ਦਾ ਇੱਕੋ ਸਮੇਂ ਸਸਕਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਇੱਥੋਂ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਏ ਗਏ ਨਿਰਵੈਲ ਸਿੰਘ (50) ਵਾਸੀ ਜਵੰਦਾ ਕਲਾਂ, ਸੁਖਚੈਨ ਸਿੰਘ (45) ਵਾਸੀ ਤਰਨ ਤਾਰਨ, ਸੁੱਚਾ ਸਿੰਘ (80) ਵਾਸੀ ਪੰਡੋਰੀ ਗੋਲਾ ਅਤੇ ਗੁਰਿੰਦਰ ਸਿੰਘ (25) ਵਾਸੀ ਕੱਕਾ ਕੰਡਿਆਲਾ ਦੀ ਮੌਤ ਹੋ ਗਈ ਹੈ| ਥਾਣਾ ਸਿਟੀ ਦੇ ਸਬ-ਇੰਸਪੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਦੇ ਗੁਰੂ ਤੇਗ ਬਹਾਦੁਰ ਨਗਰ ਦੇ ਵਾਸੀ ਅਮਰਬੀਰ ਸਿੰਘ, ਭੁੱਲਰ ਪਿੰਡ ਦੇ ਵਾਸੀ ਪ੍ਰਕਾਸ਼ ਸਿੰਘ ਤੇ ਬਚੜੇ ਪਿੰਡ ਦੇ ਵਾਸੀ ਗੁਰਵੇਲ ਸਿੰਘ ਦੀ ਵੀ ਮੌਤ ਹੋਈ ਹੈ|

ਐੱਸਪੀ (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹੋਰਨਾਂ ਮ੍ਰਿਤਕਾਂ ਵਿੱਚ ਪਿੰਡ ਨੌਰੰਗਾਬਾਦ ਤੋਂ ਚਾਰ, ਝੰਡੇਰ ਤੋਂ ਦੋ ਵਿਅਕਤੀ ਸ਼ਾਮਲ ਹਨ। ਸੂਤਰਾਂ ਅਨੁਸਾਰ ਮੁਰਾਦਪੁਰ ਆਬਾਦੀ ਤੇ ਜੋਧਪੁਰ ਪਿੰਡ ਆਦਿ ਦੇ ਵਿਅਕਤੀਆਂ ਦੀ ਵੀ ਮੌਤ ਹੋਈ ਹੈ| ਪੁਲੀਸ ਨੇ 16 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਸਨਅਤੀ ਨਗਰ ਬਟਾਲਾ ਦੇ ਹਾਥੀ ਗੇਟ, ਕਾਜ਼ੀ ਮੋਰੀ ਅਤੇ ਮੀਆਂ ਮੁਹੱਲਾ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਕੁੱਝ ਜਣਿਆਂ ਨੂੰ ਅੰਮ੍ਰਿਤਸਰ ਰੈੱਫਰ ਕੀਤਾ ਗਿਆ ਹੈ। ਸਥਾਨਕ ਕਾਜ਼ੀ ਮੋਰੀ ਦੇ ਬੂਟਾ ਰਾਮ ਜਦਕਿ ਹਾਥੀ ਗੇਟ ਮੁਹੱਲਾ ਦੇ ਜਤਿੰਦਰ ਸਿੰਘ, ਰਿੰਕੂ, ਕਾਲੂ, ਬਿੱਲਾ, ਭੁਪਿੰਦਰ ਸਿੰਘ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਹੈ। ਕਪੂਰੀ ਗੇਟ ਦੇ ਵਸਨੀਕ ਬਿੱਟੂ, ਰਾਹੁਲ ਵਾਸੀ ਕਪੂਰੀ ਗੇਟ ਅਤੇ ਕਾਲਾ ਵੀ ਮ੍ਰਿਤਕਾਂ ਵਿੱਚ ਸ਼ਾਮਲ ਹਨ। ਕਾਲਾ ਤੇ ਧਰਮਿੰਦਰ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਰੈੱਫਰ ਕੀਤਾ ਗਿਆ ਸੀ, ਜਿੱਥੇ ਕਾਲਾ ਦੀ ਮੌਤ ਹੋ ਗਈ। ਏਡੀਸੀ (ਜਨਰਲ) ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਤਿੰਨ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਐੱਸਐੱਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ’ਤੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਬਟਾਲਾ ’ਚ 11 ਮੌਤਾਂ ਹੋਈਆਂ ਹਨ।

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ ਹਰਪਾਲ ਸਿੰਘ ਚੀਮਾ।

ਥਾਣਾ ਤਰਸਿੱਕਾ ਅਧੀਨ ਪਿੰਡ ਮੁੱਛਲ ’ਚ ਬੀਤੇ ਕੱਲ ਪੰਜ ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਛੇ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ ਦੋ ਦੀ ਸ਼ਨਾਖ਼ਤ ਕ੍ਰਿਪਾਲ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਗਿਆਨ ਸਿੰਘ, ਕਿਰਪਾਲ ਸਿੰਘ, ਜੋਗਾ ਸਿੰਘ, ਜਸਵਿੰਦਰ ਸਿੰਘ, ਮੰਗਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸੰਤੋਖ ਸਿੰਘ ਦੀ ਪਤਨੀ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਕਿ ਇਸੇ ਪਿੰਡ ਦੀ ਇੱਕ ਔਰਤ ਬਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਦੇਸੀ ਸ਼ਰਾਬ ਵੇਚਦੀ ਹੈ ਅਤੇ ਇਸ ਤੋਂ ਖਰੀਦੀ ਸ਼ਰਾਬ ਪੀਣ ਕਾਰਨ ਹੀ ਉਸ ਦੇ ਪਤੀ ਤੇ ਬਾਕੀ ਵਿਅਕਤੀਆਂ ਦੀ ਮੌਤ ਹੋਈ ਹੈ। ਤਰਸਿੱਕਾ ਪੁਲੀਸ ਨੇ ਕੇਸ ਦਰਜ ਕਰਕੇ ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉੱਧਰ ਅੰਮ੍ਰਿਤਸਰ ਦੇ ਐੱਸਐੱਸਪੀ (ਦਿਹਾਤੀ) ਵਿਕਰਮਜੀਤ ਦੁੱਗਲ ਨੇ ਘਟਨਾ ਦੀ ਜਾਂਚ ਲਈ 4 ਮੈਂਬਰੀ ਐਸਆਈਟੀ ਕਾਇਮ ਕਰ ਦਿੱਤੀ ਹੈ ਅਤੇ ਤਰਸਿੱਕਾ ਥਾਣੇ ਦੇ ਐੱਸਐੱਚਓ ਐੱਸਆਈ ਬਿਕਰਮਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਨੇ ਅੰਮ੍ਰਿਤਸਰ ਜ਼ਿਲ੍ਹੇ ’ਚੋਂ ਮਿੱਠੂ, ਬਟਾਲਾ ’ਚੋਂ ਦਰਸ਼ਨ ਅਤੇ ਰਾਜਨ, ਤਰਨਤਾਰਨ ’ਚੋਂ ਅਮਰਜੀਤ ਤੇ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕਥਿਤ ਤੌਰ ’ਤੇ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ’ਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਮਾਮਲੇ ਦੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

  • 64
  •  
  •  
  •  
  •