ਕਿਸਾਨਾਂ ਦਾ ਸੰਘਰਸ਼ ਹੋਇਆ ਤੇਜ਼; ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਸਥਿਤੀ ਤਣਾਅਪੂਰਨ

ਪੰਜਾਬ ਭਰ ‘ਚੋਂ ਕਿਸਾਨਾਂ ਨੇ ਅੱਜ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ’ਚ ਦਾਖਲ ਹੋਣ ਲਈ ਅੱਠ ਥਾਵਾਂ ਦੀ ਚੋਣ ਕੀਤੀ ਹੈ। ਜਿੱਥੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹ ਉਥੇ ਹੀ ਧਰਨੇ ਮਾਰ ਕੇ ਬੈਠ ਗਏ ਹਨ। ਇਸ ਨਾਲ ਪੰਜਾਬ ’ਚ ਚੱਲ ਰਿਹਾ ਅੰਦੋਲਨ ਹੁਣ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਤਬਦੀਲ ਹੋਣ ਦੇ ਆਸਰ ਬਣ ਗਏ ਹਨ। ਹਰਿਆਣਾ ਦੇ ਜ਼ਿਲ੍ਹਿਆਂ ਅਤੇ ਦਿੱਲੀ ਹਰਿਆਣਾ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ। ਪੁਲਿਸ ਡ੍ਰੋਨ ਦੀ ਮਦਦ ਵੀ ਲੈ ਰਹੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਸੰਭੂ ‘ਤੇ ਹਰਿਆਣਾ ਪੁਲਿਸ ਵੱਲੋਂ ਪੱਥਰਾਂ ਤੇ ਸੰਗਲਾਂ ਨਾਲ ਜਕੜੇ ਬੈਰੀਕੇਡ ਤੋੜ ਕੇ ਵੱਡੀ ਗਿਣਤੀ ਵਿਚ ਕਿਸਾਨ ਹਰਿਆਣਾ ਵੱਲ ਵੱਧ ਗਏ ਹਨ। ਇਸ ਵੇਲੇ ਕਿਸਾਨਾਂ ਦੇ ਕਾਫਲੇ ਘੱਗਰ ਦੇ ਪੁੱਲ ’ਤੇ ਖੜ੍ਹੇ ਹਨ ਅਤੇ ਹਰਿਆਣਾ ਪੁਲਿਸ ਨੇ ਰੇਤੇ ਨਾਲ ਭਰੇ ਟਰੱਕ ਤੇ ਟਿੱਪਰ ਰਸਤੇ ਵਿਚ ਲਾ ਕੇ ਕਿਸਾਨਾਂ ਦਾ ਰਾਹ ਰੋਕਣ ਦਾ ਯਤਨ ਕੀਤਾ ਹੈ। ਕਿਸਾਨਾਂ ਨੇ ਲੋਹੇ ਦੇ ਬੈਰੀਕੇਡ ਪੁੱਟ ਕੇ ਪੁੱਲ ਤੋਂ ਹੇਠਾਂ ਸੁੱਟ ਦਿੱਤੇ ਹਨ ਤੇ ਹਰਿਆਣਾ ਪੁਲਿਸ ਹਾਲ ਦੀ ਘੜੀ ਆਪ ਪਿੱਛੇ ਹੱਟ ਗਈ ਹੈ। ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਸੁੱਟ ਗਏ ਹਨ।

ਧਰਨਿਆਂ ਲਈ ਨਿਰਧਾਰਤ ਕੀਤੀਆਂ ਗਈਆਂ 10 ’ਚੋਂ ਤਿੰਨ ਥਾਵਾਂ ਤਾਂ ਪਟਿਆਲਾ ਜ਼ਿਲ੍ਹੇ ’ਚ ਹੀ ਪੈਂਦੀਆਂ ਹਨ ਜਿਨ੍ਹਾਂ ’ਚ ਸ਼ੰਭੂ ਬੈਰੀਅਰ ਅਹਿਮ ਹੈ। ਬੈਰੀਕੇਡ ਲਾਉਣ ਸਮੇਤ ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ ਤੇ ਟਰਾਲੀਆਂ, ਦੰਗਾ ਰੋਕੂ ਗੱਡੀਆਂ ਅਤੇ ਫਾਇਰ ਬ੍ਰਿਗੇਡ ਸਮੇਤ ਹੋਰ ਸਾਧਨ ਵੀ ਮੌਜੂਦ ਹਨ। ਧਰਨਿਆਂ ਲਈ ਨਿਰਧਾਰਤ ਪੰਜ ਹੋਰ ਥਾਵਾਂ ’ਚ ਖਨੌਰੀ, ਡੱਬਵਾਲੀ, ਰਤੀਆ, ਲਾਲੜੂ ਤੇ ਮੂਨਕ ਸ਼ਾਮਲ ਹਨ। ਕਿਸਾਨਾਂ ਕੋਲ ਰਾਸ਼ਨ, ਬਾਲਣ, ਭਾਂਡਿਆਂ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ।

ਦੂਜੇ ਪਾਸੇ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦਰਸ਼ਨ ਕਰਨ ਲਈ ਵੱਖ-ਵੱਖ ਕਿਸਾਨ ਸੰਗਠਨਾਂ ਦੀਆਂ ਸਾਰੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਦੀ ਅਪੀਲ ਨਾ ਮੰਨਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ‘ਚ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਦੇ ਨਾਲ-ਨਾਲ ਮੁੱਢਲੀਆਂ ਮੈਡੀਕਲ ਸੇਵਾਵਾਂ ਮੁਹੱਈਆ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਸਮੇਂ ਨੇੜਲੇ ਗੁਰਦੁਆਰਿਆਂ ਤੋਂ ਲੰਗਰ ਜਾਰੀ ਰਹੇਗਾ ਅਤੇ ਦਿੱਲੀ ਜਾ ਰਹੇ ਕਿਸਾਨਾਂ ਲਈ ਵੀ ਰਸਤਿਆਂ ‘ਚ ਪ੍ਰਬੰਧ ਕੀਤੇ ਜਾਣਗੇ। ਮੈਡੀਕਲ ਸੇਵਾਵਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਵਲੋਂ ਤਿੰਨ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਖਨੌਰੀ, ਡੱਬਵਾਲੀ ਅਤੇ ਸ਼ੰਭੂ ਵਿਖੇ ਸੇਵਾ ਦੇਣਗੀਆਂ।

  • 131
  •  
  •  
  •  
  •