ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਭਾਈ ਰਾਜੋਆਣਾ ਦੀ ਰਿਹਾਈ ਲਈ ਕੀਤੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੇ ਆਮ ਉਮਰ ਕੈਦੀ ਨਾਲੋਂ ਦੁੱਗਣਾ ਵਕਤ ਜੇਲ੍ਹ ਵਿਚ ਗੁਜ਼ਾਰ ਲਿਆ ਹੈ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਾਜੋਆਣਾ ਦੀ ਸਜ਼ਾ ਮਾਫ ਕਰਕੇ ਉਨ੍ਹਾਂ ਨੂੰ ਰਿਹਾਅ ਕਰਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ-ਬੀਜੇਪੀ ਸਰਕਾਰ ਵੇਲੇ ਵਿਧਾਨ ਸਭਾ ਵਿੱਚ ਰਾਜੋਆਣਾ ਦੀ ਸਜ਼ਾ ਮਾਫੀ ਦਾ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਗਿਆ ਸੀ।

ਸੁਖਬੀਰ ਨੇ ਕਾਂਗਰਸੀ ਆਗੂਆਂ ਨੂੰ ਆਖਿਆ ਕਿ ਉਹ ਸਿਆਸੀ ਮੌਕਾਪ੍ਰਸਤੀ ਤੋਂ ਉੱਪਰ ਉੱਠਣ ਤੇ ਰਾਜੋਆਣਾ ਦੀ ਰਿਹਾਈ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਜਦੋਂ ਵੀ ਜਜ਼ਬਾਤੀ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੋਗਲੀਆਂ ਚਾਲਾਂ ਖੇਡਣ ਲੱਗ ਜਾਂਦੇ ਹਨ। ਇਕ ਪਾਸੇ ਤਾਂ ਦਿੱਲੀ ਵਿਚ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਿਚ ਲੱਗੇ ਰਹਿੰਦੇ ਹਨ ਤੇ ਰਾਜੋਆਣੇ ਦੀ ਰਿਹਾਈ ਦਾ ਵਿਰੋਧ ਕਰਦੇ ਹਨ ਜਦਕਿ ਦੂਜੇ ਪਾਸੇ ਮੌਕਾਪ੍ਰਸਤੀ ਵਿਖਾਉਂਦਿਆਂ ਇਹ ਆਖਦੇ ਹਨ ਕਿ ਉਹ ਨਿੱਜੀ ਤੌਰ ’ਤੇ ਮੌਤ ਦੀ ਸਜ਼ਾ ਦੇ ਵਿਰੁੱਧ ਹਨ।

ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਜੋਆਣਾ ਦੀ ਸਪਸ਼ਟ ਹਮਾਇਤ ਤੋਂ ਭੱਜ ਰਹੇ ਹਨ ਜਦਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਇਹ ਗੱਲ ਸਰਕਾਰੀ ਤੌਰ ’ਤੇ ਕਹੀ ਸੀ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਾਅਦੇ ਨੂੰ ਵੇਖਦਿਆਂ ਅਜਿਹਾ ਕੋਈ ਤਰਕ ਨਹੀਂ ਕਿ ਭਾਈ ਰਾਜੋਆਣਾ ਇੱਕ ਦਿਨ ਵੀ ਹੋਰ ਜੇਲ੍ਹ ਵਿੱਚ ਰਹਿਣ ਕਿਉਂਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ 26 ਸਾਲ ਜੇਲ੍ਹ ਕੱਟ ਲਈ ਹੈ, ਜੋ ਕਿ ਇੱਕ ਆਮ ਉਮਰ ਕੈਦ ਨਾਲੋਂ ਕਿਤੇ ਜ਼ਿਆਦਾ ਹੈ। ਸੁਖਬੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਆਰਐੱਨ ਕੋਵਿੰਦ ਨੂੰ ਅਪੀਲ ਕੀਤੀ ਕਿ ਰਾਜੋਆਣੇ ਦੀ ਰਿਹਾਈ ਯਕੀਨੀ ਬਣਾਉਣ ਲਈ ਜਤਨ ਕਰਨ।

  • 176
  •  
  •  
  •  
  •