ਕਿਸਾਨਾਂ ਦੀ ਸਿਹਤ ਸੁਰੱਖਿਆ ਲਈ ਬਰਤਾਨੀਆ ਦੀ ਮਹਾਰਾਣੀ ਤੇ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਮੰਗ

ਲੰਡਨ: ਭਾਰਤ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਵਿਸ਼ਵ ਭਰ ਵਿਚੋਂ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਯੁਨਾਈਟਡ ਸਿੱਖਸ ਵੱਲੋਂ ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਅਤੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਆਪਣੇ ਹਮਰੁਤਬਾ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਉਣ ਲਈ ਕਹਿਣ।

ਮਹਾਰਾਣੀ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ

ਯੁਨਾਈਟਡ ਸਿੱਖਸ ਵੱਲੋਂ ਮਜਿੰਦਰਪਾਲ ਕੌਰ ਨੇ ਇਸ ਪੱਤਰ ਵਿਚ ਕਿਹਾ ਹੈ ਕਿ ਦਿੱਲੀ ਦੀਆਂ 6 ਸਰਹੱਦਾਂ ਸਿੰਘੂ, ਟਿਕਰੀ, ਗਾਜੀਆਪੁਰ, ਪਾਲਵਾਲ, ਸ਼ਾਹਜਾਨਪੁਰ/ ਰਾਵੇਰੀ ਅਤੇ ਚੀਲਾ ‘ਤੇ ਭਾਰਤ ਦੇ ਵੱਖ ਵੱਖ ਕੋਨਿਆਂ ਤੋਂ ਕਿਸਾਨ ਕਈ ਦਿਨਾਂ ਤੋਂ ਬੈਠੇ ਹਨ। ਸੰਸਥਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਦੇਸ਼ ਦਾ ਅੰਦਰੂਨੀ ਮਾਮਲਾ ਨਹੀਂ ਹੋ ਸਕਦਾ। ਇਹ ਇੱਕ ਅੰਤਰਾਸ਼ਟਰੀ ਮਸਲਾ ਹੈ ਤੇ ਸਾਰੇ ਦੇਸ਼ਾਂ ਦੇ ਸਿਆਸਤਦਾਨਾਂ ਤੇ ਹੋਰ ਕਾਰਕੁੰਨਾਂ ਨੂੰ ਮਾਮਲੇ ਵਿਚ ਦਖ਼ਲ ਦੇ ਕੇ ਭਾਰਤ ਸਰਕਾਰ ‘ਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ।

ਇਸ ਪੱਤਰ ‘ਚ ਖੇਤੀਬਾੜੀ ਕਾਨੂੰਨਾਂ, ਇਸ ਬਾਰੇ ਸੁਪਰੀਮ ਕੋਰਟ ਅਤੇ ਵੱਖ ਵੱਖ ਲੋਕਾਂ ਦੀ ਰਾਏ ਦੱਸਣ ਤੋਂ ਇਲਾਵਾ 108 ਦੇ ਕਰੀਬ ਕਿਸਾਨਾਂ ਦੀ ਮੌਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯੁਨਾਈਟਡ ਸਿੱਖਸ ਨੇ ਮਹਾਰਾਣੀ ਅਤੇ ਬੌਰਿਸ ਤੋਂ ਮੰਗ ਕੀਤੀ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਕਹਿਣ ਤਾਂ ਕਿ ਕਿਸਾਨਾਂ ਦਾ ਹੋਰ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।

  • 1.6K
  •  
  •  
  •  
  •