ਕਿਸਾਨ ਸੰਘਰਸ਼ ਦੇ ਸਮਰਥਕਾਂ ਨੂੰ ਕੌਮੀ ਜਾਂਚ ਏਜੰਸੀ ਨੇ ਨੋਟਿਸ ਭੇਜੇ

ਅੱਜ ਕਿਸਾਨੀ ਸੰਘਰਸ਼ ਦਾ 52 ਵਾਂ ਦਿਨ ਹੈ। 26 ਨਵੰਬਰ ਤੋਂ ਕਿਸਾਨ ਕੜਾਕੇ ਦੀ ਠੰਢ ਵਿਚ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੇ ਹਨ। ਇਸ ਦੌਰਾਨ ਕਰੀਬ 70 ਤੋਂ ਵੱਧ ਕਿਸਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ ਕਈ ਦੌਰ ਚੱਲੇ ਹਨ, ਪਰ ਕੋਈ ਹੱਲ ਨਹੀਂ ਮਿਲ ਸਕਿਆ। ਅਜਿਹੀ ਸਥਿਤੀ ਵਿੱਚ ਸਰਕਾਰ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।

ਦਰਅਸਲ ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਵੱਡੀ ਗਿਣਤੀ ਵਿਚ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੂੰ ਦਿੱਲੀ ਵਿੱਚ ਆਪਣੇ ਮੁੱਖ ਦਫਤਰ ਵਿੱਚ ਪੇਸ਼ ਹੋਣ ਲਈ ਨੋਟਿਸ ਭੇੇਜੇ ਹਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ‘ਤੇ ਕਿਸਾਨੀ ਸੰਘਰਸ਼ ਕਮਜ਼ੋਰ ਕਰਨ ਅਤੇ ਵੱਖ-ਵੱਖ ਆਗੂਆਂ ਨੂੰ ਤੰਗ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਇਹਨਾਂ ਕਾਨੂੰਨੀ ਨੋਟਿਸਾਂ ਵਿਚ ਇਕ ਕੇਸ ਦਾ ਜ਼ਿਕਰ ਹੈ ਜੋ 15 ਦਸੰਬਰ ਨੂੰ ਦਿੱਲੀ ਵਿਚ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 120 ਬੀ, 124ਏ, 153ਏ, 153ਬੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 13, 17, 18, 18ਬੀ ਤੇ 20 ਸ਼ਾਮਲ ਕੀਤੀਆਂ ਗਈਆਂ ਹਨ। 

ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਕੇ ਜਾਂਚ ਵਾਸਤੇ ਦਿੱਲੀ ਸੱਦਿਆ ਗਿਆ ਹੈ। ਏਜੰਸੀ ਨੇ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੂੰ ਸੰਮਨ ਭੇਜੇ ਹਨ। ਜਾਂਚ ਏਜੰਸੀ ਦੇ ਅਧਿਕਾਰੀ ਵੱਲੋਂ ਸੰਮਨ ਵਿੱਚ ਇਨ੍ਹਾਂ ਨੂੰ ਵੱਖ ਵੱਖ ਧਾਰਾਵਾਂ ਹੇਠ ਦਰਜ ਮਾਮਲਿਆਂ ਵਿੱਚ ਜਾਂਚ ਸ਼ਾਮਲ ’ਚ ਸ਼ਾਮਲ ਹੋਣ ਲਈ ਕਿਹਾ ਹੈ।

ਇਹ ਨੋਟਿਸ ਸੰਘਰਸ਼ ਵਿਚ ਵੱਡਾ ਯੋਗਦਾਨ ਪਾ ਰਹੇ ਦੀਪ ਸਿੱਧੂ ਅਤੇ ਉਨ੍ਹਾਂ ਦੇ ਭਰਾ ਮਨਦੀਪ ਸਿੱਧੂ ਨੂੰ ਵੀ ਆਇਆ ਹੈ। ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਇਹਨਾਂ ਨੋਟਿਸਾਂ ਦੇ ਰਾਹੀਂ ਸੰਘਰਸ਼ ਕਰ ਰਹੇ ਲੋਕਾਂ ‘ਤੇ ਦਬਾਅ ਵਧਾਉਣਾ ਚਾਹੁੰਦੀ ਹੈ। ਲੁਧਿਆਣਾ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਕਿਸਾਨਾਂ ਲਈ ਮੁਫ਼ਤ ਬੱਸ ਸੇਵਾ ਚਲਾਉਣ ਵਾਲੇ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਤੇ ਬੱਸ ਲਿਜਾਉਣ ਵਾਲੇ ਜਸਪਾਲ ਸਿੰਘ ਕੋਲੋਂ ਕੌਮੀ ਜਾਂਚ ਏਜੰਸੀ ਨੇ ਅੱਜ ਕਈ ਘੰਟੇ ਪੁੱਛ ਪੜਤਾਲ ਕੀਤੀ। ਜਲੰਧਰ ਤੋਂ ਪ੍ਰੋ. ਬਲਵਿੰਦਰਪਾਲ ਸਿੰਘ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਨੋਟਿਸ ਭੇਜ ਦਿੱਤਾ ਹੈ। ਪ੍ਰੋ. ਬਲਵਿੰਦਰਪਾਲ ਆਪਣੇ ਫੇਸਬੁੱਕ ਅਕਾਊਂਟ ’ਤੇ ਲਗਾਤਾਰ ਕਿਸਾਨ ਅੰਦੋਲਨ ਬਾਰੇ ਲਿਖਦੇ ਆ ਰਹੇ ਹਨ।

ਇਸ ਤੋਂ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਨੋਬਲਜੀਤ ਸਿੰਘ, ਸੁਰਿੰਦਰ ਸਿੰਘ ਠੀਕਰੀਵਾਲਾ, ਪੱਤਰਕਾਰ ਬਲਤੇਜ ਪੰਨੂੰ, ਪਰਦੀਪ ਸਿੰਘ ਲੁਧਿਆਣਾ ਅਤੇ ਕਰਨੈਲ ਸਿੰਘ ਸਮੇਤ ਵੱਖ-ਵੱਖ ਲੋਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਸਮਰਥਨ ਲਈ ਕੀਮਤ ਅਦਾ ਕਰ ਰਿਹਾ ਹਾਂ। ਸਰਕਾਰ ਵਿਰੋਧ ਨੂੰ ਦਬਾਉਣ ਲਈ ਮੇਰੀ ਬੋਲੀ ਲਾ ਰਹੀ ਹੈ। ਇਸ ਲਈ ਸਰਕਾਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸਿਰਸਾ ਨੇ ਇਸ ਸੰਮਨ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਐਨਆਈਏ ਦਾ ਸਹਾਰਾ ਲਿਆ ਜਾ ਰਿਹਾ ਹੈ। ਸਿਰਸਾ ਨੇ ਅੱਗੇ ਕਿਹਾ, “ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਝੁਕਾਂਗੇ ਨਹੀਂ। ਐਨਆਈਏ 26 ਜਨਵਰੀ ਨੂੰ ਕਿਸਾਨਾਂ ਦੀ ਪਰੇਡ ਨੂੰ ਰੋਕਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ‘ਤੇ ਅੜੀ ਹੈ।”

  • 101
  •  
  •  
  •  
  •