ਸਿੱਖ ਕਿਸਾਨਾਂ ਤੋਂ ਈਸਾਈ ਕੀ ਸਿੱਖ ਸਕਦੇ ਹਨ?

-ਜੋਸਿਫ ਡਿਸੂਜ਼ਾ*

ਕਈ ਮਹੀਨਿਆਂ ਤੋਂ, ਭਾਰਤ ਦੇ ਕਿਸਾਨ ਸਤੰਬਰ 2020 ਵਿੱਚ ਬਣਾਏ ਗਏ ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਸਥਾਨਕ ਪੱਧਰ ‘ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਪਰ ਨਵੰਬਰ ਵਿਚ ਭਾਰਤ ਨੇ ਦਹਾਕਿਆਂ ਵਿਚ ਸਭ ਤੋਂ ਵੱਡੇ ਜਨਤਕ ਰੋਸ ਮੁਜ਼ਾਹਰੇ ਵਿਚ ਲੱਖਾਂ ਕਿਸਾਨਾਂ ਨੇ ਨਵੀਂ ਦਿੱਲੀ ਨੂੰ ਘੇਰ ਲਿਆ। ਭਾਵੇਂ ਇਹ ਵਿਰੋਧ ਮੋਟੇ ਤੌਰ ‘ਤੇ ਲੀਡਰ-ਰਹਿਤ ਹਨ, ਪਰ ਦੇਸ਼ ਭਰ ਦੇ ਲੱਖਾਂ ਕਿਸਾਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਵਿੱਚ ਇੱਕਜੁੱਟ ਹਨ।

ਪੰਜਾਬ ਰਾਜ ਦੇ ਕਿਸਾਨਾਂ ਨੂੰ ਪਤਾ ਹੈ ਕਿ ਇਹ ਖੇਤੀ ਕਾਨੂੰਨ ਉਨ੍ਹਾਂ ਨੂੰ ਉਨ੍ਹਾਂ ਦੀ ਥੋੜ੍ਹੀ ਜਿਹੀ ਜ਼ਮੀਨ ਤੋਂ ਵਾਂਝੇ ਕਰ ਦੇਣਗੇ, ਭਾਵੇਂ ਇਹ ਕੁਝ ਏਕੜ ਹੀ ਹੋਵੇ। ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਨੂੰ ਅਮੀਰ ਕਾਰਪੋਰੇਸ਼ਨਾਂ ਨੂੰ ਪਟੇ ‘ਤੇ ਦੇਣੀ ਪਵੇਗੀ। ਫ਼ਿਰ ਇਹ ਕੰਪਨੀਆਂ ਆਪਣੀ ਮਰਜ਼ੀ ਅਨੁਸਾਰ ਜ਼ਮੀਨ ‘ਤੇ ਫਸਲ ਪੈਦਾ ਕਰਾਉਣਗੀਆਂ ਅਤੇ ਕਿਸਾਨਾਂ ਨੂੰ ਮਰਜ਼ੀ ਨਾਲ ਉਨ੍ਹਾਂ ਦੀ ਫ਼ਸਲ ਦੀਆਂ ਕੀਮਤਾਂ ਦੇਣਗੀਆਂ। ਪਰ ਦੂਸਰੇ ਪਾਸੇ ਇਹ ਫ਼ਸਲਾਂ ਅੰਤਰਾਸ਼ਟਰੀ ਬਾਜ਼ਾਰ ‘ਚ ਵੱਧ ਕੀਮਤਾਂ ‘ਤੇ ਵੇਚਣਗੀਆਂ।

ਪੂਰੇ ਭਾਰਤ ਵਿੱਚ ਬਹੁਤ ਸਾਰੇ ਕਿਸਾਨ ਕਰਜ਼ਿਆਂ ਦਾ ਅਸਹਿਣਸ਼ੀਲ ਭਾਰ ਸਹਿ ਰਹੇ ਹਨ, ਅਤੇ ਸੈਂਕੜੇ ਹਜ਼ਾਰਾਂ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਹ ਕਰਜ਼ਿਆਂ ਨੂੰ ਮੋੜਨ ਵਿੱਚ ਅਸਮਰਥ ਹਨ। ਉਨ੍ਹਾਂ ਦੇ ਪਰਿਵਾਰ ਗਰੀਬ ਹੋ ਜਾਂਦੇ ਹਨ ਅਤੇ ਫਿਰ ਹੋਰ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਪਰ ਮਨੁੱਖੀ ਅਧਿਕਾਰਾਂ ਅਨੁਸਾਰ ਨਸਲੀ, ਜਾਤੀ ਅਤੇ ਧਾਰਮਿਕ ਵੰਡਾਂ ਨੂੰ ਦੂਰ ਜਾਣਾ ਚਾਹੀਦਾ ਹੈ।

ਖੇਤੀਕਾਨੂੰਨਾਂ ਦਾ ਵਿਰੋਧ ਕਰ ਰਹੇ ਬਹੁਤ ਸਾਰੇ ਕਿਸਾਨ ਪੰਜਾਬ ਵਿੱਚ ਰਹਿ ਰਹੇ ਸਿੱਖ ਹਨ। ਸਿੱਖ ਧਰਮ ਇੱਕ ਇੱਕ ਰੱਬ ‘ਚ ਵਿਸ਼ਵਾਸ਼ ਕਰਨ ਵਾਲਾ ਧਰਮ ਹੈ ਜੋ 15ਵੀਂ ਸਦੀ ਵਿੱਚ ਪੰਜਾਬ ਵਿੱਚ ਪੈਦਾ ਹੋਇਆ ਸੀ। ਸਿੱਖ ਆਪਣੇ ਪਵਿੱਤਰ ਧਾਰਮਿਕ ਗ੍ਰੰਥ ਅਤੇ ਹੋਰਨਾਂ ਨਾਲ ਆਪਣੇ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦੇ ਹਨ।

ਸਿੱਖ ਧਰਮ ਦੇ ਲੋਕ ਆਜ਼ਾਦੀ ਦੇ ਸਮਰਥਕ ਹਨ। ਉਹ ਹਰ ਤਰ੍ਹਾਂ ਦੀਆਂ ਸਮਾਜਿਕ ਦਰਜਾਬੰਦੀਆਂ ਦੇ ਵਿਰੁੱਧ ਹਨ। ਹਾਲਾਂਕਿ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਦਲਿਤ ਸਿੱਖ ਹਨ ਜੋ ਆਪਣੀ ਨੀਵੀਂ ਜਾਤੀ ਦੇ ਰੁਤਬੇ ਪ੍ਰਤੀ ਸੁਚੇਤ ਹਨ, ਪਰ ਦਲਿਤ ਸਿੱਖ ਔਰਤਾਂ ‘ਤੇ ਉਸੇ ਤਰ੍ਹਾਂ ਦੇ ਜ਼ੁਲਮ, ਬਲਾਤਕਾਰ ਅਤੇ ਹਮਲੇ ਨਹੀਂ ਹੁੰਦੇ ਜਿੰਨੇ ਭਾਰਤ ਵਿੱਚ ਹੋਰ ਔਰਤਾਂ ਦੇ ਨਾਲ ਹੋਏ ਹਨ।

ਖ਼ਬਰਾਂ ਅਤੇ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਵਿੱਚ, ਸਾਰੇ ਧਰਮਾਂ ਅਤੇ ਜਾਤਾਂ ਦੇ ਕਿਸਾਨ ਆਪਣੇ ਸੰਘਰਸ਼ ਵਿੱਚ ਇੱਕਜੁੱਟ ਹੁੰਦੇ ਹੋਏ ਦੇਖੇ ਜਾ ਸਕਦੇ ਹਨ। ਬਹੁਤ ਸਾਰੀਆਂ ਸਿੱਖ ਬੀਬੀਆਂ ਜੋ ਕਿ ਕਿਸਾਨ ਹਨ, ਹੁਣ ਆਪਣੇ ਪਤੀਆਂ ਅਤੇ ਹੋਰਨਾਂ ਦੇ ਨਾਲ-ਨਾਲ ਸੜਕਾਂ ‘ਤੇ ਹਨ। ਜਵਾਨ ਕੁੜੀਆਂ ਵੀ ਠੰਢੇ ਮੌਸਮ ਵਿੱਚ ਸੜਕਾਂ ‘ਤੇ ਹਨ।

ਮੇਰਾ ਦਿਲ ਇਹ ਸੋਚ ਕੇ ਬਹੁਤ ਦੁਖੀ ਹੁੰਦਾ ਹੈ ਕਿ ਈਸਾਈਆਂ ਵਿਚ ਸਿੱਖਾਂ ਵਾਂਗ ਏਕਾ ਕਿਉਂ ਨਹੀ। ਸਾਡੀ ਆਪਸ ‘ਚ ਲੜਨ ਦੀ ਪ੍ਰਵਿਰਤੀ ਸਾਨੂੰ ਆਕਰਸ਼ਿਕ ਨਹੀਂ ਬਣਾਉਂਦੀ।

ਸਿੱਖ ਧਰਮ ਦੀ ਲੰਗਰ ਪ੍ਰਥਾ ਨੇ ਕਿਸਾਨੀ ਸੰਘਰਸ਼ ਵਿਚ ਸੇਵਾ ਤੇ ਭਲੇ ਦੀ ਇੱਕ ਸਭ ਤੋਂ ਉੱਤਮ ਮਿਸਾਲ ਪੇਸ਼ ਕੀਤੀ ਹੈ। ਸਿੱਖ ਧਰਮ ‘ਚ ਲੰਗਰ ਦਾ ਉਦੇਸ਼ ਲੋਕਾਂ ਨੂੰ ਇਕੱਠਾ ਕਰਨਾ ਹੈ। ਸਿੱਖ ਮਰਦਾਂ ਅਤੇ ਔਰਤਾਂ ਨੇ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਮੁਫਤ ਖਾਣਾ ਖੁਆਉਣ ਲਈ ਸੜਕਾਂ ‘ਤੇ ਰੋਟੀਆਂ, ਪੀਜ਼ਾ ਅਤੇ ਮਠਿਆਈਆਂ ਤਿਆਰ ਕੀਤੀਆਂ ਹਨ। ਜਿਸ ਲਈ ਰਸਦ ਸਿੱਖ ਪਿੰਡਾਂ ਅਤੇ ਗੁਰਦੁਆਰਿਆਂ ਵਿਚੋਂ ਆਈ ਹੈ।

ਅਸਲ ਵਿੱਚ ਲੰਗਰ ਫਾਰਸੀ ਭਾਸ਼ਾ ਦਾ ਇੱਕ ਸ਼ਬਦ ਹੈ, ਜਿਸ ਦਾ ਅਰਥ ਗਰੀਬਾਂ ਤੇ ਲੋੜਵੰਦਾਂ ਲਈ ਇੱਕ ਸਾਂਝੀ ਜਗ੍ਹਾ, ਜਿੱਥੇ ਉਨ੍ਹਾਂ ਨੂੰ ਖਾਣਾ ਪ੍ਰਦਾਨ ਕੀਤਾ ਜਾਂਦਾ ਹੈ। ਸਿੱਖ ਪਰੰਪਰਾ ਅਨੁਸਾਰ ਇੱਥੇ ਲੋੜਵੰਦਾਂ ਨੂੰ ਜਾਤ, ਵਰਗ, ਧਰਮ ਅਤੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਭੋਜਨ ਦਿੱਤਾ ਜਾਂਦਾ ਹੈ।

ਭਾਰਤੀ ਲੋਕ ਲੰਗਰ ਵਿਚ ਕੋਈ ਖਾਸ ਰੋਲ ਅਦਾ ਨਹੀਂ ਕਰਦੇ। ਇਹ ਸਿੱਖਾਂ ਵੱਲੋਂ ਇਕੱਠੇ ਹੋ ਕੇ ਨਿੱਜੀ ਤੌਰ ‘ਤੇ ਪਾਇਆ ਜਾਂਦਾ ਯੋਗਦਾਨ ਹੈ। ਸਾਨੂੰ ਈਸਾਈਆਂ ਨੂੰ ਧਾਰਮਿਕ ਤੌਰ ‘ਤੇ ਜਥੇਬੰਦ ਹੋਣ ਲਈ ਸਿੱਖ ਪ੍ਰਦਰਸ਼ਨਕਾਰੀਆਂ ਦੀ ਤਰ੍ਹਾਂ ਭੈਣਾ ਤੇ ਭਰਾਵਾਂ ਵਾਂਗ ਇਕੱਠੇ ਖਾਣਾ ਚਾਹੀਦਾ ਹੈ। ਜਿਸ ਤਰ੍ਹਾਂ ਯਿਸੂ ਆਪਣੇ ਸ਼ਗਿਰਦਾਂ ਨਾਲ ਭੋਜਨ ਖਾਂਦੇ ਸਨ। ਕੋਰੋਨਾ ਤੋਂ ਬਾਅਦ ਦੀ ਦੁਨੀਆ ਨੇ ਸਾਨੂੰ ਮਨੁੱਖੀ ਭਾਈਚਾਰੇ ਦੀ ਬੇਮਿਸਾਲ ਲੋੜ ਦਿਖਾਈ ਹੈ। ਅਸੀਂ ਇੱਕ ਮੁਸ਼ਕਿਲ ਸਾਲ ਵਿੱਚੋਂ ਗੁਜ਼ਰ ਚੁੱਕੇ ਹਾਂ। ਅਸੀਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਲਈ ਇਸ ਮਹਾਨ ਸੰਘਰਸ਼ ਤੋਂ ਸਿੱਖ ਸਕਦੇ ਹਾਂ।

*ਜੋਸਿਫ਼ ਡਿਸੂਜ਼ਾ ਮਾਡਰੇਟਰ ਬਿਸ਼ਪ ਆਫ਼ ਗੁਡ ਸ਼ੇਫਰਡ ਚਰਚ ਆਫ ਇੰਡੀਆ ਦੇ ਪ੍ਰਧਾਨ ਹਨ।

  • 80
  •  
  •  
  •  
  •