ਸਿੱਖਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਨੂੰ ਮੁਫ਼ਤ ਤਕਨੀਕੀ ਸਿੱਖਿਆ ਦੇਵੇਗਾ ਪਾਕਿਸਤਾਨ

ਅੰਮ੍ਰਿਤਸਰ (ਸੁਰਿੰਦਰ ਕੋਛੜ)-: ਪਾਕਿਸਤਾਨ ਨੇ ਸਾਲ 2021 ਵਿੱਦਿਅਕ ਸਾਲ ਤੋਂ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਬੱਚਿਆਂ ਦੇ ਸਮੂਹ ਨੂੰ ਮੁਫ਼ਤ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੀ ਲਾਹੌਰ ‘ਚ ਹੋਈ ਬੈਠਕ ‘ਚ ਲਿਆ ਗਿਆ ਹੈ। ਬੈਠਕ ਦੀ ਪ੍ਰਧਾਨਗੀ ਈ. ਟੀ. ਪੀ. ਬੀ. ਦੇ ਚੇਅਰਮੈਨ ਡਾ: ਆਮਿਰ ਅਹਿਮਦ ਨੇ ਕੀਤੀ।

ਦੱਸਣਯੋਗ ਹੈ ਕਿ ਉਕਤ ਅਦਾਰਾ ਪਾਕਿ ‘ਚ ਘੱਟ ਗਿਣਤੀਆਂ ਦੇ ਪਵਿੱਤਰ ਅਸਥਾਨਾਂ ਅਤੇ ਹੋਰਨਾਂ ਧਾਰਮਿਕ ਜਾਇਦਾਦਾਂ ਦੀ ਦੇਖ-ਭਾਲ ਕਰਦਾ ਹੈ। ਈ. ਟੀ. ਪੀ. ਬੀ. ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ ਬੈਠਕ ‘ਚ ਫ਼ੈਸਲਾ ਲਿਆ ਗਿਆ ਹੈ ਕਿ ਪਾਕਿ ‘ਚ ਬਾਬਾ ਗੁਰੂ ਨਾਨਕ ਦੇਵ ਜੀ ਸਕਾਲਰਸ਼ਿਪ ਤਹਿਤ ਸਿੱਖਾਂ ਅਤੇ ਹਿੰਦੂਆਂ ਦੇ ਬੱਚਿਆਂ ਨੂੰ ਮੁਫ਼ਤ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਈ. ਟੀ. ਪੀ. ਬੀ. ਇਸ ਵਿੱਦਿਅਕ ਸਾਲ ‘ਚ ਉਨ੍ਹਾਂ ਦੀ ਸਿੱਖਿਆ ਦਾ ਖਰਚਾ ਚੁੱਕੇਗਾ। ਉਨ੍ਹਾਂ ਅੱਗੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਤੋਂ ਇਲਾਵਾ ਆਮ ਵਿੱਦਿਆ ਲਈ ਵੀ ਵਜ਼ੀਫ਼ਾ ਜਾਰੀ ਰਹੇਗਾ।

  • 139
  •  
  •  
  •  
  •