‘ਖੇਡਾਂ ਦਾ ਮਹਾਂਕੁੰਭ’ ਟੋਕੀਓ ‘ਚ ਅੱਜ ਤੋਂ ਸ਼ੁਰੂ

ਦੁਨੀਆਂ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ ਟੋਕੀਓ ਵਿੱਚ ਅੱਜ ਤੋਂ ‘ਖੇਡਾਂ ਦਾ ਮਹਾਂਕੁੰਭ’ ਸ਼ੁਰੂ ਹੋਣ ਜਾ ਰਿਹਾ ਹੈ ਭਾਵੇਂ ਕੋਰੋਨਾ ਦੇ ਕਾਰਨ ਇਹ ਖੇਡਾਂ ਦੇਰ ਨਾਲ ਹੋ ਰਹੀਆਂ ਹਨ । ਇਨ੍ਹਾਂ ਖੇਡਾਂ ਵਿੱਚ ਭਾਰਤ ਸਫਲਤਾ ਦਾ ਇੱਕ ਨਵਾਂ ਇਤਿਹਾਸ ਸਿਰਜ ਸਕਦਾ ਹੈ,ਇਸ ਸ਼ਹਿਰ ਵਿੱਚ ਪ੍ਰਤੀ ਦਿਨ ਇੱਕ ਹਜ਼ਾਰ ਤੋਂ ਵੱਧ ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਟੋਕੀਓ ਸ਼ਹਿਰ ਹਜ਼ਾਰਾਂ ਖਿਡਾਰੀਆਂ, ਸਹਿਯੋਗੀ ਸਟਾਫ ਤੇ ਅਧਿਕਾਰੀਆਂ ਦੀ ਮੇਜ਼ਬਾਨੀ ਕਰੇਗਾ ।ਉਲੰਪਿਕ ਖੇਡਾਂ ਵਿਚ ਭਾਰਤ ਦੇ ਕੁੱਲ 120 ਖਿਡਾਰੀ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚੋਂ 68 ਪੁਰਸ਼ ਤੇ 52 ਔਰਤਾਂ ਹਨ। ਇਨ੍ਹਾਂ ਖੇਡਾਂ ਵਿੱਚ ਸਭ ਤੋਂ ਵੱਧ ਖਿਡਾਰੀ ਪੰਜਾਬ ਅਤੇ ਹਰਿਆਣਾ ਤੋਂ ਹਨ ।ਦੇਖਿਆ ਜਾਵੇ ਤਾਂ ਭਾਰਤ ਦਾ ਓਲੰਪਿਕ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਲੰਡਨ ਓਲੰਪਿਕ ਵਿਚ 2012 ਵਿੱਚ ਰਿਹਾ ਸੀ, ਜਦੋਂ ਭਾਰਤੀ ਖਿਡਾਰੀਆਂ ਨੇ 6 ਤਗ਼ਮੇ ਜਿੱਤੇ ਸਨ। ਭਾਰਤ ਲਈ ਸਭ ਤੋਂ ਮੁੱਖ ਦਾਅਵੇਦਾਰਾਂ ਵਿੱਚੋਂ ਪੰਦਰਾਂ ਨਿਸ਼ਾਨੇਬਾਜ਼ ਹਨ, ਜੋ ਕਿ ਪਿਛਲੇ ਦੋ ਸਾਲਾਂ ਤੋਂ ਕੌਮਾਂਤਰੀ ਪੱਧਰ ਤੇ ਵੱਡੀਆਂ ਸਫ਼ਲਤਾਵਾਂ ਦੇਸ਼ ਲਈ ਪ੍ਰਾਪਤ ਕਰ ਚੁੱਕੇ ਹਨ। ਬੈਡਮਿੰਟਨ ਵਿਚ ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਤੋਂ ਵੀ ਓਲੰਪਿਕ ਤਮਗਾ ਜਿੱਤਣ ਦੀ ਆਸ ਹੈ ।ਓਲੰਪਿਕ ਤਗ਼ਮੇ ਦੀ ਉਡੀਕ ਕਰ ਰਹੀ ਭਾਰਤੀ ਹਾਕੀ ਟੀਮ ਮਹਿਲਾ ਤੇ ਪੁਰਸ਼ ਦੋਵਾਂ ਟੀਮਾਂ ਤੋਂ ਪੂਰੀ ਉਮੀਦ ਹੈ। ਉਧਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਚੌਥੀ ਵਾਰ ਓਲੰਪਿਕ ਖੇਡ ਰਹੀ ਹੈ ।ਇਸ ਤੋਂ ਇਲਾਵਾ ਭਾਰਤ ਟੋਕੀਓ ਓਲੰਪਿਕ ‘ਚ ਅਥਲੈਟਿਕਸ, ਮੁੱਕੇਬਾਜ਼ੀ, ਘੋੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ, ਗੌਲਫ, ਜੂਡੋ, ਸ਼ੂਟਿੰਗ, ਵੇਟ ਲਿਫਟਿੰਗ, ਤੈਰਾਕੀ ,ਕੁਸ਼ਤੀ ਆਦਿ ਵਿੱਚ ਹਿੱਸਾ ਲੈ ਰਿਹਾ ਹੈ। ਸਾਰੇ ਦੇਸ਼ ਦੀਆਂ ਨਜ਼ਰਾਂ ਖਿਡਾਰੀਆਂ ਤੇ ਟਿਕੀਆਂ ਹੋਈਆਂ ਹਨ।ਭਾਰਤ ਨੇ ਓਲੰਪਿਕ ਖੇਡਾਂ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਜੱਥਾ ਟੋਕੀਓ ਭੇਜਿਆ ਹੈ।

  •  
  •  
  •  
  •  
  •