ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸੱਤਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ 1656 ਈ. ਨੂੰ ਮਾਤਾ ਕ੍ਰਿਸ਼ਨ ਕੌਰ ਦੀ ਕੁਖੋਂ ਕੀਰਤਪੁਰ ਵਿਖੇ ਹੋਇਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ‘ਬਾਲ ਗੁਰੂ’, ‘ਬਾਲਾ ਪ੍ਰੀਤਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਿੱਖ ਪੰਥ ਦੇ ਅੱਠਵੇਂ ਗੁਰੂ ਸਨ। ਰਾਮਰਾਏ ਜੀ ਆਪ ਜੀ ਦੇ ਵੱਡੇ ਭਰਾ ਸਨ। ਗੁਰੂ ਹਰਿਰਾਏ ਸਾਹਿਬ ਜੀ ਨੇ 1661ਈ. ਵਿੱਚ ਆਪ ਜੀ ਨੁੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ। ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਲਾਕ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਸਾਹਿਬ ਜੀ ਨੇ ਆਪਣੀ ਥਾਂ ਰਾਮਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਬਾਅਦ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਸਾਹਿਬ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ। ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਰਾਮਰਾਏ ਨੇ ਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਅਤੇ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਕਾਰਨ ਕਰਕੇ ਰਾਮਰਾਏ ਗੁਰਆਈ ਦੇ ਯੋਗ ਨਹੀਂ ਸੀ। ਰਾਮਰਾਏ ਗੁਰੂ ਘਰ ਦਾ ਵਿਰੋਧੀ ਬਣ ਬੈਠਾ । ਗੁਰਗੱਦੀ ਧਾਰਨ ਕਰਨ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ। ਗੁਰੂ ਸਾਹਿਬ ਜੀ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ।ਸਿੱਖ ਸੰਗਤਾਂ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ। ਪੰਜੋਖਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਭੇਜ ਦਿੱਤਾ। ਗੁਰੂ ਸਾਹਿਬ ਜੀ ਪੰਜੋਖਰਾ ਸਾਹਿਬ ਠਹਿਰੇ ਸਨ। ਇਥੋਂ ਦਾ ਇੱਕ ਹੰਕਾਰੀ ਪੰਡਿਤ ਲਾਲਚੰਦ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਤੋਂ ਗੀਤਾ ਦੇ ਅਰਥ ਕਰਵਾਏ ਸਨ। ਉਸ ਨੇ ਅਰਥ ਕਰ ਦਿੱਤੇ। ਪੰਡਿਤ ਇਹ ਵੇਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨੀ ਪੈ ਗਿਆ, ਅਤੇ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ ਅਤੇ ਉਸ ਨੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।ਦਿੱਲੀ ਪਹੁੰਚ ਕੇ ਗੁਰੂ ਸਾਹਿਬ ਜੀ, ਰਾਜਾ ਜੈ ਸਿੰਘ ਦੇ ਬੰਗਲੇ ‘ਚ ਠਹਿਰੇ ਸਨ।ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ।ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ ਸੀ।ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਦੇਖਭਾਲ ਕੀਤੀ ਅਤੇ ਸੰਗਤਾਂ ਦੇ ਦਸਵੰਧ ਤੇ ਭੇਟਾ ਨਾਲ ਬਿਮਾਰਾਂ ਦੀ ਸਹਾਇਤਾ ਕੀਤੀ ਸੀ। ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਸਾਹਿਬ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ ਅਤੇ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਅਤੇ ਫੁਰਮਾਏ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ 1664 ਈ. ਨੂੰ ਜੋਤੀਜੋਤ ਸਮਾ ਗਏ ਸਨ। ਗੁਰੂ ਸਾਹਿਬ ਜੀ ਦਾ ਸੰਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ‘ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ। ਗੁਰੂ ਜੀ ਦੇ ਪਾਵਨ ਦਰਸ਼ਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੋ ਜਾਂਦੇ ਹਨ।

ਸੁਖਪਾਲ ਕੌਰ

  •  
  •  
  •  
  •  
  •