24 ਜੁਲਾਈ ਬਾਬਾ ਗੁਰਦਿੱਤ ਸਿੰਘ ‘ਕਾਮਾਗਾਟਾਮਾਰੂ’ ਤੇ ਵਿਸ਼ੇਸ਼

ਬਾਬਾ ਗੁਰਦਿੱਤ ਸਿੰਘ 29 ਸਤੰਬਰ 1914 ਦੇ ਬਜ ਬਜ ਘਾਟ ਕਲਕੱਤੇ ਦੇ ਖੂਨੀ ਸਾਕੇ ਨਾਲ ਸੰਬੰਧਿਤ ਕੇਂਦਰੀ ਸਖਸ਼ੀਅਤ ਸਨ। ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ 1860 ਈ. ਨੂੰ ਪਿਤਾ ਹਾਕਮ ਸਿੰਘ, ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਬਾਬਾ ਗੁਰਦਿੱਤ ਸਿੰਘ ਜੀ ਦੇ ਬਚਪਨ ਸਮੇਂ ਹੀ ਪਿਤਾ ਜੀ ਰੁਜਗਾਰ ਲਈ ਮਲਾਇਆ ਚਲੇ ਗਏ ਸਨ ਅਤੇ ਉਥੇ ਠੇਕੇਦਾਰੀ ਕਰਨ ਲੱਗ ਪਏ ਸਨ। ਬਾਬਾ ਗੁਰਦਿਤ ਸਿੰਘ ਜੀ ਨੇ ਆਪਣੇ ਬਚਪਨ ਵਿੱਚ ਬਹੁਤ ਥੋੜੀ ਪੜ੍ਹਾਈ ਕੀਤੀ ਅਤੇ ਬਾਬਾ ਗੁਰਦਿੱਤ ਸਿੰਘ ਵੀ ਮਲਾਇਆ ਚਲੇ ਗਏ ਸਨ। ਆਪਣੇ ਪਿਤਾ ਜੀ ਵਾਂਗ ਇਹਨਾਂ ਨੇ ਵੀ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ ਅਤੇ 1909ਈ. ਵਾਪਿਸ ਆ ਗਏ ਸਨ। 1911ਈ.ਨੂੰ ਉਨ੍ਹਾ ਨੇ ਜਬਰੀ ਮਜ਼ਦੂਰੀ ਦੇ ਵਿਰੁਧ ਅਵਾਜ਼ ਉਠਾਈ। ਬਾਬਾ ਜੀ ਨੇ ਸਰਕਾਰ ਦੇ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ ਗਰੀਬ ਪੇਂਡੂਆਂ ਤੋਂ ਜਬਰੀ ਮਜ਼ਦੂਰੀ ਕਰਵਾਉਂਦੇ ਸਨ। ਬਾਬਾ ਜੀ ਨੇ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ ਅਤੇ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ। ਇਨ੍ਹਾਂ ਪੰਜਾਬੀ ਮੁਸਾਫਰਾਂ ਵਿਚ ਕੇਵਲ 30 ਗ਼ੈਰ-ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਸਨ। ਇਸ ਜਪਾਨੀ ਜਹਾਜ਼ ਕਾਮਾਗਾਟਾਮਾਰੂ ਜਹਾਜ਼ ਦੀ ਥਾਂ ‘ਤੇ ‘ਗੁਰੂ ਨਾਨਕ ਜਹਾਜ਼’ ਰੱਖ ਲਿਆ ਅਤੇ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਨੂੰ ਰਵਾਨਾ ਹੋਇਆ। ਸਮੁੰਦਰੀ ਸਫਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਿਆ ਪਰ ਕਨੇਡਾ ਸਰਕਾਰ ਨੇ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਅਤੇ ਜਹਾਜ਼ ਵਿਚ ਸਫਰ ਕਰ ਰਹੇ ਮੁਸਾਫਰਾਂ ਵਿਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕਦੇ ਸਨ ਤੇ ਬਾਕੀ ਸਾਰੇ ਮੁਸਾਫਿਰ ਲਗਭਗ ਦੋ ਮਹੀਨੇ 23 ਜੁਲਾਈ ਤੱਕ ਸਮੁੰਦਰ ਵਿਚ ਸਖਤ ਪਹਿਰੇ ਹੇਠ ਰੋਕੀ ਰੱਖੇ ਸਨ। ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਹ ਮੁਸਾਫਿਰ 29 ਸਤੰਬਰ, 1914 ਈ: ਨੂੰ ਹੁਗਲੀ ਬੰਦਰਗਾਹ ‘ਤੇ ਪਹੁੰਚ ਗਏ ਸਨ। ਹੁਗਲੀ’ ਘਾਟ ਨੂੰ ‘ਬਜਬਜ ਘਾਟ’ ਵਜੋਂ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ੀ ਸਰਕਾਰ ਨੂੰ ਇਹ ਸਾਰੇ ਮੁਸਾਫਿਰ ਵਿਦਰੋਹੀ ਨਜ਼ਰ ਆਉਂਦੇ ਸਨ। ਇਨ੍ਹਾਂ ਮੁਸਾਫਿਰਾਂ ਨੂੰ ਜਹਾਜ਼ ਵਿਚੋਂ ਉਤਾਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ ਸੀ ਅਤੇ ਫਿਰ ਸਰਕਾਰ ਨੇ ਫੈਸਲਾ ਕੀਤਾ ਕਿ ਇਨ੍ਹਾਂ ਭੁੱਖੇ ਅਤੇ ਬਿਮਾਰੀਆਂ ਤੋਂ ਤੰਗ ਆਏ ਹੋਏ ਸਾਰੇ ਬਾਗੀ ਮੁਸਾਫਿਰਾਂ ਨੂੰ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ ਸਨ ਪਰ ਬਾਕੀ ਸਭ ਨੇ ਪਲੇਟਫਾਰਮ ‘ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਅਰੰਭ ਕੀਤਾ ਅਤੇ ਪੁਲਿਸ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਹਮਲਾ ਕਰ ਦਿੱਤਾ। ਇਕ ਸਰਕਾਰੀ ਰਿਕਾਰਡ ਮੁਤਾਬਕ ਇਸ ਹਮਲੇ ‘ਚ 18 ਮੁਸਾਫ਼ਿਰ ਸ਼ਹਾਦਤ ਦਾ ਜਾਮ ਪੀ ਗਏ ਸਨ ਤੇ ਕੁਝ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਸ ‘ਬਜਬਜ ਘਾਟ’ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ ਨੂੰ ਹੋਰ ਤੇਜ਼ ਕਰ ਦਿੱਤਾ। ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਜੀ ਆਪਣੇ ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬਚ ਕੇ ਨਿਕਲ ਜਾਣ ਵਿਚ ਕਾਮਯਾਬ ਹੋ ਗਏ ਅਤੇ ਕੁਝ ਸਾਲ ਤੱਕ ਗੁਪਤਵਾਸ ਰਹੇ ਸਨ। ਬਾਬਾ ਗੁਰਦਿੱਤ ਸਿੰਘ ਕੁਝ ਸਮੇਂ ਬਾਅਦ ਗਿ੍ਫ਼ਤਾਰ ਹੋ ਗਏ ਅਤੇ 1922 ਈ. ਨੂੰ ਬਾਬਾ ਜੀ ਰਿਹਾਅ ਕਰ ਦਿੱਤਾ।ਮਹਾਨ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ ਸਰਹਾਲੀ ਵਿਖੇ 24 ਜੁਲਾਈ 1954 ਨੂੰ ਅਕਾਲ ਚਲਾਣਾ ਕਰ ਗਏ ਸਨ।

  •  
  •  
  •  
  •  
  •